ੴ ਸਤਿਗੁਰ ਪ੍ਰਸਾਦਿ

ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ ,ਹਰਿ ਕਰਤਾ ਆਪਿ ਮੁਹਹੁ ਕਢਾਏ ॥ (੩੦੮)
ਨਿਰੰਕਾਰ ਨੇ ਸੰਸਾਰ ਦਾ ਉਧਾਰ ਕਰਨ ਵਾਸਤੇ ਗੁਰੂ ਨਾਨਕ ਦੇਵ ਜੀ ਨੂੰ ਅਪਣੀ ਤਾਕਤ ਦੇ ਕੇ ਸੰਸਾਰ ਵਿਚ ਭੇਜਿਆ। ਗੁਰੂ ਨਾਨਕ ਦੇਵ ਜੀ ਅਤੇ ਨਿਰੰਕਾਰ ਇਕ ਰੂਪ ਸਨ {ਗੁਰੁ ਨਾਨਕੁ ਨਾਨਕੁ ਹਰਿ ਸੋਇ ੮੬੫}। ਉਨ੍ਹਾਂ ਨੇ ਜੋ ਬਾਣੀ ਉਚਾਰਣ ਕੀਤੀ, ਉਹ ਵੀ ਨਿਰੰਕਾਰ ਸਰੂਪ ਹੈ। ਨਿਰੰਕਾਰ ਆਪ ਤਾਂ ਅਗਮ ਹੈ, ਅਗੋਚਰ ਹੈ ਤੇ ਅਦ੍ਰਿਸਟ ਹੈ, ਪਰ ਗੁਰਬਾਣੀ ਦੇ ਦਰਸ਼ਨ, ਨਿਰੰਕਾਰ ਦੇ ਦਰਸ਼ਨ ਹਨ {ਵਾਹੁ ਬਾਣੀ ਨਿਰੰਕਾਰ ਹੈ, ਤਿਸੁ ਜੇਵਡੁ ਅਵਰੁ ਨ ਕੋਇ ੫੧੫}। ਇਸ ਕਰਕੇ ਨਿਰੰਕਾਰ ਦੀ ਬਾਣੀ ਨੂੰ ਸਮਝਣ ਵਾਸਤੇ ਇਸਦੀ ਵਿਚਾਰ ਬਹੁਤ ਜਰੂਰੀ ਹੈ, ਗੁਰੂ ਨਾਨਕ ਦੇਵ ਜੀ ਆਪ ਖੁਦ ਵੀ ਅਪਣੇ ਉਚਾਰੇ ਹੋਏ ਸ਼ਬਦਾਂ ਦੀ ਵਿਆਖਿਆ ਕਰਕੇ ਸੰਗਤਾਂ ਨੂੰ ਸੁਣਾਇਆ ਕਰਦੇ ਸਨ । ਗੁਰੂ ਅਰਜਨ ਦੇ ਜੀ ਨੇ ਸਾਰੇ ਗੁਰੂ ਸਾਹਿਬਾਨਾਂ, ਭਗਤਾਂ ਅਤੇ ਭੱਟਾਂ ਦੀ ਬਾਣੀ ਭਾਈ ਗੁਰਦਾਸ ਜੀ ਤੋਂ ਲਿਖਵਾ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਰਚੀ। ਗੁਰੂ ਅਰਜਨ ਦੇਵ ਜੀ ਤੋਂ ਬਾਦ ਵੀ ਦਸਵੇਂ ਪਾਤਸ਼ਾਹ ਤਕ ਸਾਰੇ ਗੁਰੂ ਸਾਹਿਬਾਨ ਗੁਰਬਾਣੀ ਦੀ ਵਿਆਖਿਆ ਸੰਗਤਾਂ ਨੂੰ ਸੁਣਾਇਆ ਕਰਦੇ ਸਨ। ਭਾਈ ਗੁਰਦਾਸ ਜੀ ਨੇ ਅਪਣੀਆਂ ਵਾਰਾਂ ਵਿਚ ਗੁਰਬਾਣੀ ਦੇ ਬਹੁਤ ਸਾਰੇ ਗੁਹਜ ਸ਼ਬਦਾਂ ਦੀ ਵਿਆਖਿਆ ਕੀਤੀ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ੪੮ ਸਿੰਘਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਰਥ ਪੜ੍ਹਾਏ, ਜਿਨ੍ਹਾਂ ਵਿਚੋਂ ਭਾਈ ਮਨੀ ਸਿੰਘ ਅਤੇ ਬਾਬਾ ਦੀਪ ਸਿੰਘ ਜੀ ਨੇ ਗੁਰਬਾਣੀ ਦੇ ਅਰਥ ਪੜ੍ਹਾਉਣ ਦੀਆਂ ਟਕਸਾਲਾਂ ਚਲਾਈਆਂ। ਨਿਰਮਲੇ, ਉਦਾਸੀ ਅਤੇ ਨਿਹੰਗ ਸਿੰਘਾਂ ਦੀਆਂ ਸੰਪ੍ਰਦਾਵਾਂ ਵੀ ਅਪਣੇ ਵਲੋਂ ਗੁਰਬਾਣੀ ਦੇ ਅਰਥ ਪੜ੍ਹਾਉਣ ਦੀ ਸੇਵਾ ਕਰਦੀਆਂ ਰਹੀਆਂ ਹਨ।
ਅਜ ਦਾ ਜੁਗ ਵਿਦਿਆ ਦਾ ਜੁਗ ਹੈ, ਗੁਰਬਾਣੀ ਦੇ ਅਰਥ ਪੜ੍ਹਾਉਣ ਵਾਸਤੇ ਬਹੁਤ ਸਾਰੇ ਕਾਲਜ ਤੇ ਯੁਨੀਵਰਸਿਟੀਆਂ ਹਨ।ਇਹ ਸਭ ਸੰਸਥਾਵਾਂ ਅਪਣੇ ਵਲੋਂ ਚੰਗਾ ਯੋਗਦਾਨ ਪਾ ਰਹੀਆਂ ਹਨ, ਫਿਰ ਵੀ ਗੁਰਬਾਣੀ ਦਾ ਅਭਿਆਸ, ਪਾਠ ਪਠਨ ਅਤੇ ਵਿਚਾਰ ਜਿੰਨੀ ਜਿਆਦਾ ਕੀਤੀ ਜਾਵੇ, ਥੋੜੀ ਹੈ। ਕਿਉਂਕਿ ਗੁਰਬਾਣੀ ਸਮੁੰਦਰ ਰੂਪ ਹੈ, ਅਥਾਹ ਹੈ, ਬਿਨਾ ਵਿਚਾਰ ਦੇ ਗੁਰਬਾਣੀ ਦੇ ਆਸ਼ੇ ਨੂੰ ਸਮਝਣਾ ਮੁਸ਼ਕਲ ਹੈ ।ਮੈਂ ਅਪਣੇ ਵਲੋਂ ਹਰ ਬੰਦੇ ਦੇ ਸਮਝ ਵਿਚ ਆਉਣ ਵਾਸਤੇ ਬਹੁਤ ਸਰਲ ਅਰਥ ਕੀਤੇ ਹਨ। ਮੈਂ ਬਹੁਤੀਆਂ ਸਾਖੀਆਂ ਦੇਣ ਦੀ ਕੋਸ਼ਿਸ਼ ਨਹੀਂ ਕੀਤੀ, ਜਿਆਦਾ ਸਾਖੀਆਂ ਲਿਖਣ ਨਾਲ ਵਿਆਖਿਆ ਦਾ ਅਕਾਰ ਵੱਡਾ ਹੋ ਜਾਂਦਾ ਹੈ। ਮੈਂ ਉਹ ਸਾਖੀਆਂ ਲਿਖਣ ਤੋਂ ਵੀ ਸੰਕੋਚ ਕੀਤਾ ਹੈ, ਜਿਹੜੀਆਂ ਗੁਰਬਾਣੀ ਦੀ ਕਸਵੱਟੀ ਤੇ ਨਹੀਂ ਉਤਰਦੀਆਂ।

ਹਰਜਿੰਦਰ ਸਿੰਘ ਗਿਆਨੀ

ਗੁਰਬਾਣੀ ਦੇ ਕੁਝ ਪ੍ਰਸਿੱਧ ਟੀਕਿਆਂ ਤੋਂ ਵੀ ਸਹਾਇਤਾ ਲਈ ਹੈ, ਜਿਨ੍ਹਾਂ ਦੇ ਨਾਮ ਇਸ ਪ੍ਰਕਾਰ ਹਨ :-

੧. ਸੰਤ ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾਂ ਵਾਲਿਆਂ ਦੀ ਟੇਪ ਕੀਤੀ ਹੋਈ ਕਥਾ ਦੀਆਂ ਸੀਡੀਆਂ।

੨. ਸੰਪ੍ਰਦਾਈ ਟੀਕਾ (ਟੀਕਾਕਾਰ ਸੰਤ ਗਿਆਨੀ ਕ੍ਰਿਪਾਲ ਸਿੰਘ ਜੀ, ਬਜਾਰ ਸੱਤੋ ਵਾਲਾ ਸ੍ਰੀ ਅੰਮ੍ਰਿਤਸਰ)।

੩. ਸੰਥਯਾ ਸ੍ਰੀ ਗੁਰੂ ਗ੍ਰੰਥ ਸਾਹਿਬ (ਪਦਮ ਭੂਸ਼ਨ ਭਾਈ ਸਾਹਿਬ ਡਾਕਟਰ ਵੀਰ ਸਿੰਘ ਜੀ)।

੪. ਸੀ੍ਰ ਗੁਰੂ ਗ੍ਰੰਥ ਸਾਹਿਬ ਕੋਸ਼ (ਭਾਈ ਵੀਰ ਸਿੰਘ ਜੀ)।

੫. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਰਸ਼ਨ ਨਿਰਣੈ (ਟੀਕਾਕਾਰ ਗਿਆਨੀ ਹਰਬੰਸ ਸਿੰਘ ਜੀ)।

੬. ਗੁਰ ਸਬਦ ਰਤਨਾਕਰ ਮਹਾਨ ਕੋਸ਼ (ਭਾਈ ਕਾਨ੍ਹ ਸਿੰਘ ਨਾਭਾ)।

੭. ਸ੍ਰੀ ਗੁਰੂ ਬਾਣੀ ਪਰਕਾਸ਼ (ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੰਨੇਵਾਰ ਕੋਸ਼) ਰਚਿਤ – ਸੋਢੀ ਤੇਜਾ ਸਿੰਘ

੮. ਗੁਰੂ ਨਾਨਕ ਬਾਣੀ ਪ੍ਰਕਾਸ਼ (ਟੀਕਾਕਾਰ ਡਾ. ਤਾਰਨ ਸਿੰਘ)।

੯. ਸ਼ਬਦਾਰਥ (ਪ੍ਰਕਾਸ਼ਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੀ ਅੰਮ੍ਰਿਤਸਰ)।

੧੦. ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ (ਟੀਕਾਕਾਰ ਡਾਕਟਰ ਸਾਹਿਬ ਸਿੰਘ ਜੀ)।

੧੧. ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਟੀਕ (ਫਰੀਦਕੋਟ ਵਾਲਾ ਟੀਕਾ) ਭਾਸ਼ਾ ਵਿਭਾਗ ਪੰਜਾਬ।

੧੨. ਗੁਰਬਾਣੀ ਪਾਠ ਦਰਸ਼ਨ (ਕਰਤਾ ਸੰਤ ਗਿਆਨੀ ਗੁਰਬਚਨ ਸਿੰਘ ਭਿੰਡਰਾਂ ਵਾਲੇ)।

੧੩. ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪੰਜਾਬੀ ਤੇ ਇੰਗਲਿਸ਼ ਟੀਕਾ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ)। ਦਾਸਨਿਦਾਸ ਹਰਜਿੰਦਰ ਸਿੰਘ ਗਿਆਨੀ

ਸੰਖੇਪ ਚਿਨ੍ਹਾਂ ਦਾ ਵੇਰਵਾ :-

੧. ; = ਜਾਂ , ਅਥਵਾ, ਭਾਵ ਦੂਜਾ ਅਰਥ।

੨. ਭਾ. ਗੁ. = ਭਾਈ ਗੁਰਦਾਸ ਜੀ।

੩. ਨਾ. ਪ੍ਰ. = ਨਾਨਕ ਪ੍ਰਕਾਸ਼ (ਕ੍ਰਿਤ ਕਵੀ ਸੰਤੋਖ ਸਿੰਘ ਜੀ)।

੪. ਪਾ. 10 = ਪਾਤਸ਼ਾਹੀ ਦਸਵੀਂ ।

੫. ਅ. ਉ. = ਅਕਾਲ ਉਸਤਤਿ ਪਾ. 10

੬. S.G.P.C. = ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ

੭. ਗੁ. ਪਾ. ਦ. = ਗੁਰਬਾਣੀ ਪਾਠ ਦਰਸ਼ਨ (ਕਰਤਾ ਸੰਤ ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾਂ ਵਾਲੇ)।

੮. ਗੁ. ਗ੍ਰੰ. ਕੋਸ਼. =ਸ਼੍ਰੀ ਗੁਰੂ ਗ੍ਰੰਥ ਸਾਹਿਬ ਕੋਸ਼ (ਕ੍ਰਿਤ = ਪਦਮ ਭੂਸ਼ਨ ਡਾਕਟਰ ਭਾਈ ਵੀਰ ਸਿੰਘ ਜੀ)।

੯. ਅ. = ਅਰਬੀ। ਫਾ. = ਫਾਰਸੀ।

੧੦. ਸੰ. ਸ. = ਸੰਪ੍ਰਦਾਈ ਸਟੀਕ (ਟੀਕਾਕਾਰ ਸੰਤ ਕਿਰਪਾਲ ਸਿੰਘ ਜੀ ਗਲੀ ਸੱਤੋ ਵਾਲੀ ਸ੍ਰੀ ਅੰਮ੍ਰਿਤਸਰ)।

੧੧. ਫ. ਸ. = ਫਰੀਦਕੋਟ ਸਟੀਕ (ਪ੍ਰਕਾਸ਼ਕ ਭਾਸ਼ਾ ਵਿਭਾਗ)।

੧੨. ਮ. ਕੋ. = ਗੁਰ ਸ਼ਬਦ ਰਤਨਾਕਰ ਮਹਾਨ ਕੋਸ਼ (ਭਾਈ ਕਾਨ੍ਹ ਸਿੰਘ ਨਾਭਾ)।

੧੩. ਦਰਪਣ = ਸ਼੍ਰੀ ਗੁਰੂ ਗ੍ਰੰਥ ਸਾਹਿਬ ਦਰਪਣ (ਟੀਕਾਕਾਰ ਡਾਕਟਰ ਸਾਹਿਬ ਸਿੰਘ ਡੀ. ਲਿਟ.)।

੧੪. ਟਕਸਾਲ = ਭਿੰਡਰਾਂ ਵਾਲੀ ਟਕਸਾਲ।

੧੫. ਸ਼ਬਦਾਰਥ = ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਟੀਕਾ (ਪ੍ਰਕਾਸ਼ਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ)।

੧੬. ਨਰੋਤਮ = ਪੰਡਤ ਤਾਰਾ ਸਿੰਘ ਨਰੋਤਮ (ਨਿਰਮਲੇ ਸੰਤ)।

੧੭. ਕਬਿਤ ਭਾ. ਗੁ. = ਕਬਿੱਤ ਭਾਈ ਗੁਰਦਾਸ ਜੀ।

ਨੋਟ = ਜਿੱਥੇ ਕੇਵਲ ਪੰਨਾ ਨੰਬਰ ਹੀ ਦਿਤਾ ਗਿਆ ਹੈ, ਉਹ ‘ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੇ ਪੰਨਾ ਨੰਬਰ ਹਨ।